Message From Principal Sir
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਅਕਾਦਮਿਕ ਸੈਸ਼ਨ 2021 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ ਆਉਣ ਉਪਰੰਤ ਸਰਕਾਰੀ ਕਾਲਜ ਤੋਂ ਯੂਨੀਵਰਸਿਟੀ ਦੇ ਇੱਕ ਕਾਂਸਟੀਚਿਊਐਂਟ ਕਾਲਜ ਦੇ ਤੌਰ 'ਤੇ ਹੋਂਦ ਵਿਚ ਆਇਆ। ਇਹ ਕਾਲਜ 1967 ਵਿਚ ਇਲਾਕੇ ਦੇ ਸੂਝਵਾਨ, ਸੁਯੋਗ ਤੇ ਜਾਗਰਤ ਲੋਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਵਜੋਂ ਸਥਾਪਿਤ ਕੀਤਾ ਗਿਆ ਸੀ। ਇਸ ਸਾਰੇ ਅਰਸੇ ਦੌਰਾਨ ਇਸ ਸੰਸਥਾ ਨੇ ਵੱਖ-ਵੱਖ ਖੇਤਰਾਂ ਵਿਚ ਵੱਡਾ ਨਾਮਣਾ ਖੱਟਣ ਵਾਲੀਆਂ ਬੇਸ਼ੁਮਾਰ ਨਾਮੀ ਸ਼ਖਸੀਅਤਾਂ ਪੈਦਾ ਕੀਤੀਆਂ| ਦੇਸ਼ ਵਿਦੇਸ਼ ਵਿਚ ਵੱਸਦੀਆਂ ਇਹ ਸ਼ਖਸੀਅਤਾਂ ਭਾਵਨਾਤਮਕ ਰੂਪ ਵਿਚ ਹੁਣ ਵੀ ਇਸ ਸੰਸਥਾ ਨਾਲ ਜੁੜੀਆਂ ਹੋਈਆਂ ਹਨ। ਇਹ ਸਭ ਲੋਕ ਸਿੱਖਿਆ ਨੂੰ ਸਮਾਜਿਕ ਰੂਪਾਂਤਰਣ ਦੇ ਇੱਕ ਵਿਸ਼ੇਸ਼ ਟੂਲ ਦੇ ਰੂਪ ਵਿਚ ਦੇਖਦੇ ਹਨ ਅਤੇ ਇਨ੍ਹਾਂ ਦੇ ਸੰਗਠਿਤ ਉਪਰਾਲੇ ਨਾਲ ਹੀ ਇਹ ਸੰਸਥਾ ਵਰਤਮਾਨ ਰੂਪ ਵਿਚ ਹੋਂਦ ਵਿਚ ਆਈ ਹੈ। ਇਸ ਸਭ ਲਈ ਇਲਾਕੇ ਦੇ ਪਰਵਾਸੀ ਭਾਰਤੀ, ਗ੍ਰਾਮ ਪੰਚਾਇਤ, ਜੰਡਿਆਲਾ ਅਤੇ 'ਜੰਡਿਆਲਾ ਲੋਕ ਭਲਾਈ ਮੰਚ' ਵਿਸ਼ੇਸ਼ ਤੌਰ 'ਤੇ ਮੇਰੇ ਧੰਨਵਾਦ ਤੇ ਪ੍ਰਸ਼ੰਸਾ ਦੇ ਪਾਤਰ ਹਨ।
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ ਦਾ ਕੈਂਪਸ ਕੁਦਰਤੀ ਵਾਤਾਵਰਣ ਦੇ ਨਾਲ-ਨਾਲ ਇੱਕ ਬੇਹੱਦ ਸ਼ਾਂਤ, ਆਕਰਸ਼ਿਤ, ਸੁਰੱਖਿਅਤ, ਸੁੱਖ-ਸੁਵਿਧਾਵਾਂ ਤੇ ਸ਼ਾਨਦਾਰ ਬੁਨਿਆਦੀ ਢਾਂਚੇ ਨਾਲ ਭਰਪੂਰ ਹੈ। ਸੁਰੱਖਿਆ ਅਤੇ ਅਨੁਸ਼ਾਸਨ ਲਈ ਕਾਲਜ ਕੈਂਪਸ ਸੀ.ਸੀ.ਟੀ.ਵੀ. ਕੈਮਰਾ ਦੀ ਨਿਗਰਾਨੀ ਹੇਠ ਹੈ। ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ ਸਹਿ ਵਿਦਿਅਕ, ਸਭਿਆਚਾਰਕ ਅਤੇ ਖੇਡ ਗਤੀਵਿਧੀਆਂ ਨੂੰ ਵਿਸ਼ੇਸ਼ ਰੂਪ ਵਿਚ ਉਤਸ਼ਾਹਿਤ ਕੀਤਾ ਜਾਂਦਾ ਹੈ। ਇਲਾਕਾ ਨਿਵਾਸੀਆਂ ਦੀ ਮੰਗ ਅਨੁਸਾਰ ਰਿਵਾਇਤੀ ਕੋਰਸਾਂ ਦੇ ਨਾਲ-ਨਾਲ ਪੇਸ਼ਾਵਰ ਮੁਹਾਰਤ ਵਾਲੇ ਅਨੇਕ ਕਿੱਤਾ ਮੁੱਖੀ ਕੋਰਸ ਆਰੰਭ ਕੀਤੇ ਗਏ ਹਨ। ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਇਲਾਕੇ ਦੀ ਮੰਗ ਅਨੁਸਾਰ ਹੋਰ ਵੀ ਅਜਿਹੇ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਕਿ ਇਸ ਪੇਂਡੂ ਖੇਤਰ ਦੇ ਲੋਕ ਵੀ ਯੂਨੀਵਰਸਿਟੀ ਵੱਲੋਂ ਉਪਲੱਬਧ ਕਰਵਾਈ ਗਈ ਮਿਆਰੀ, ਸਸਤੀ ਅਤੇ ਕਿੱਤਾਮੁਖੀ ਸਿੱਖਿਆ ਦਾ ਭਰਪੂਰ ਲਾਭ ਲੈ ਸਕਣ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਨਯੋਗ ਉਪ ਕੁਲਪਤੀ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਜੀ ਦੀ ਪ੍ਰੇਰਣਾਮਈ ਅਗਵਾਈ ਹੇਠ ਅਸੀਂ ਇਸ ਸੰਸਥਾ ਨੂੰ ਹਰ ਪੱਖ ਤੋਂ ਅੱਗੇ ਲਿਜਾਣ ਲਈ ਯਤਨਸ਼ੀਲ ਹਾਂ। ਯੂਨੀਵਰਸਿਟੀ ਉਚ ਅਧਿਕਾਰੀਆਂ ਵੱਲੋਂ ਕਾਲਜ ਦੀਆਂ ਵਿਸ਼ੇਸ਼ ਲੋੜਾਂ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਮੈਂ ਆਸ ਕਰਦਾ ਹਾਂ ਇਲਾਕਾ ਨਿਵਾਸੀਆਂ ਦਾ ਭਰਪੂਰ ਸਹਿਯੋਗ ਤੇ ਸਮੱਰਥਨ ਇਸੇ ਤਰ੍ਹਾਂ ਬਣਿਆ ਰਹੇਗਾ।
ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਸਹਿਤ ਕਾਲਜ ਕੈਂਪਸ ਵਿਚ ਉਨ੍ਹਾਂ ਦਾ ਹਾਰਦਿਕ ਸਵਾਗਤ ਹੈ।
ਪ੍ਰਿੰਸੀਪਲ (ਡਾ.) ਸੁਖਵਿੰਦਰ ਸਿੰਘ ਰੰਧਾਵਾ